ਜਦੋਂ ਮੈਨੂੰ ਨੌਕਰੀ ‘ਚੋਂ ਬਰਖ਼ਾਸਤ ਕਰਨ ਦੀ ਧਮਕੀ ਮਿਲੀ
1974 ਵਿੱਚ ਜਦੋਂ ਮੈਂ ਪੰਜਾਬ ਸਰਕਾਰ ਦੇ ਸੂਚਨਾ ਤੇ ਪ੍ਰਸਾਰ ਵਿਭਾਗ ਵਿੱਚ ਸਿਵਲ ਸਕੱਤਰੇਤ ਚੰਡੀਗੜ੍ਹ ਵਿਖੇ ਨਿਬੰਧਕਾਰ ਪੰਜਾਬੀ ਦੇ ਅਹੁਦੇ ਤੇ ਨਿਯੁਕਤ ਹੋਇਆ ਤਾਂ ਪਹਿਲੇ ਹਫਤੇ ਹੀ ਵਿਭਾਗ ਦੇ ਮੁੱਖੀ ਨੇ ਮੈਨੂੰ ਨੌਕਰੀ ਵਿੱਚੋਂ ਬਰਖ਼ਾਸਤ ਕਰਨ ਦੀ ਧਮਕੀ ਦੇ ਦਿੱਤੀ । ਉਸ ਸਮੇਂ ਮੈਂ ਮਹਿੰਦਰਾ ਕਾਲਜ ਪਟਿਆਲਾ ਵਿੱਚ ਸ਼ਾਮ ਦੀਆਂ ਕਲਾਸਾਂ ਵਿੱਚ ਐਮ ਏ ਪੰਜਾਬੀ ਦੇ ਪਹਿਲੇ ਸਾਲ ਵਿੱਚ ਪੜ੍ਹ ਰਿਹਾ ਸੀ । ਪਹਿਲੇ ਸਾਲ ਦੇ ਇਮਤਿਹਾਨ ਨੇੜੇ ਸਨ । ਇਸ ਦੇ ਨਾਲ ਹੀ ਮੈਂ ਆਤਮਾ ਰਾਮ ਕੁਮਾਰ ਸਭਾ ਸਕੂਲ ਪਟਿਆਲਾ ਵਿੱਚ ਪੜ੍ਹਾ ਰਿਹਾ ਸੀ । ਮੈਂ ਆਪਣੇ ਵੱਡੇ ਭਰਾ ਸ੍ਰ ਧਰਮ ਸਿੰਘ ਕੋਲ ਪਟਿਆਲਾ ਸਰਕਾਰੀ ਰਿਹਾਇਸ਼ ਵਿੱਚ ਰਹਿ ਰਿਹਾ ਸੀ । ਮੇਰੀ ਇੱਛਾ ਲੈਕਚਰਾਰ ਬਣਨ ਦੀ ਸੀ ਕਿਉਂਕਿ ਮੈਨੂੰ ਪੰਜਾਬੀ ਦੇ ਸਾਹਿਤ ਨਾਲ ਲਗਾਓ ਸੀ । ਮੈਂ ਪਟਿਆਲਾ ਵਿਖੇ ਦੋਸਤਾਂ ਨਾਲ ਰਲਕੇ ਪੰਜਾਬੀ ਦਾ ਮਾਸਕ ਰਸਾਲਾ ‘ ਵਹਿਣ ’ ਪ੍ਰਕਾਸ਼ਤ ਕਰ ਰਿਹਾ ਸੀ । ਮੇਰੀ ਨਿਬੰਧਕਾਰ ਪੰਜਾਬੀ ਦੀ ਚੋਣ ਵੀ ‘ ਵਹਿਣ ’ ਰਸਾਲੇ ਦਾ ਸਹਾਇਕ ਸੰਪਾਦਕ ਹੋਣ ਕਰਕੇ ਹੀ ਹੋਈ ਸੀ ਕਿਉਂਕਿ ਨਿਬੰਧਕਾਰ ਪੰਜਾਬੀ ਦੀ ਅਸਾਮੀ ਸੂਚਨਾਂ ਤੇ ਪ੍ਰਸਾਰ ਵਿਭਾਗ ਦੇ ਸਰਕਾਰੀ ਰਸਾਲੇ ਜਾਗ੍ਰਤੀ ਪੰਜਾਬੀ ਨਾਲ ਸੰਬੰਧਤ ਸੀ । ਜਦੋ...