ਤੁਰ ਗਿਆ ਵਿਰਾਸਤ ਦਾ ਪਹਿਰੇਦਾਰ : ਗੀਤਕਾਰ ਦੇਵ ਥਰੀਕਿਆਂਵਾਲਾ
ਤੁਰ ਗਿਆ ਪੰਜਾਬੀ ਪਰਿਵਾਰਿਕ ਗੀਤਕਾਰੀ ਦਾ ਥੰਮ੍ਹ ਅਤੇ ਪੰਜਾਬੀ ਵਿਰਾਸਤ ਦਾ ਪਹਿਰੇਦਾਰ ਹਰਦੇਵ ਦਿਲਗੀਰ , ਜਿਹੜੇ ਦੇਵ ਥਰੀਕਿਆਂ ਵਾਲਾ ਦੇ ਨਾਮ ਨਾਲ ਸਮੁੱਚੇ ਪੰਜਾਬੀ ਸੰਸਾਰ ਵਿੱਚ ਜਾਣੇ ਅਤੇ ਪਹਿਚਾਣੇ ਜਾਂਦੇ ਸਨ । ਪੰਜਾਬੀ ਭਾਸ਼ਾ ਦੀ ਸਭਿਅਚਾਰਕ ਵਿਰਾਸਤ ਨੂੰ ਜ਼ਰਖੇਜ਼ ਕਰਨ ਵਿੱਚ ਵਡਮੁੱਲਾ ਯੋਗਦਾਨ ਪਾਉਣ ਦਾ ਮਾਣ ਵੀ ਦੇਵ ਥਰੀਕਿਆਂ ਵਾਲੇ ਨੂੰ ਜਾਂਦਾ ਹੈ , ਜਿਨ੍ਹਾਂ ਨੇ ਪੰਜਾਬੀ ਗੀਤਕਾਰੀ ਨੂੰ ਹੁਸਨ ਇਸ਼ਕ ਦੇ ਘੇਰੇ ਵਿੱਚੋਂ ਕੱਢਕੇ ਪਰਿਵਾਰਿਕ ਸੱਥਾਂ ਦਾ ਸ਼ਿੰਗਾਰ ਬਣਾਇਆ ਸੀ । ਅੱਧੀ ਸਦੀ ਤੱਕ ਗੀਤਕਾਰੀ ਦੇ ਖੇਤਰ ਵਿੱਚ ਧਰੂ ਤਾਰੇ ਦੀ ਤਰ੍ਹਾਂ ਚਮਕਣ ਵਾਲਾ ਦੇਵ ਧਰੀਆਂ ਵਾਲਾ 83 ਸਾਲ ਦੀ ਉਮਰ ਵਿੱਚ 25 ਜਨਵਰੀ 2022 ਨੂੰ ਪਹਿਰ ਦੇ ਤੜਕੇ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ । ਉਹ ਬਹੁ - ਪੱਖੀ ਅਤੇ ਬਹੁ ਦਿਸ਼ਾਵੀ ਗੀਤਕਾਰ ਸਨ , ਜਿਨ੍ਹਾਂ ਨੇ ਲੋਕ ਗੀਤ , ਲੋਕ ਗਾਥਾਵਾਂ ਨੂੰ ਲੋਕਾਂ ਦੀ ਕਚਹਿਰੀ ਵਿੱਚ ਲਿਆਉਣ ਨੂੰ ਤਰਜ਼ੀਹ ਦਿੱਤੀ । ਉਨ੍ਹਾਂ ਦੇ ਗੀਤ ਪੰਜਾਬੀਆਂ ਦੀ ਰੂਹ ਦੀ ਆਵਾਜ਼ ਬਣਦੇ ਰਹੇ ਹਨ । ਉਹ ਗੀਤਕਾਰੀ ਦੇ ਬਾਬਾ ਬੋਹੜ ਸਨ , ਜਿਨ੍ਹਾਂ ਦੇ ਸੈਂਕੜੇ ਗੀਤ ਸੁਪਰਹਿੱਟ ਹੋਏ ਸਨ । ਮਾਂ ਨੂੰ ਉਤਮ ਦਰਜਾ ਦੇਣ ਵਾਲਾ ਗੀਤ ‘ ਮਾਂ ਹੁੰਦੀ ਏ ਮਾਂ ’...