ਨਰਪਾਲ ਸਿੰਘ ਸ਼ੇਰਗਿੱਲ ਦਾ ਪੰਜਾਬੀ ਸੰਸਾਰ-2024 ਵਿਲੱਖਣ ਦਸਤਾਵੇਜ਼

ਕੀ ਇਹ ਸੋਚਿਆ ਜਾ ਸਕਦਾ ਹੈ ਕਿ ਇਕੱਲਾ - ਇਕੱਹਿਰਾ ਵਿਅਕਤੀ ਹਰ ਸਾਲ ਸੰਸਾਰ ਦੇ ਸਾਰੇ ਗੁਰੂ ਘਰਾਂ ਦੀ ਯਾਤਰਾ ਆਪ ਤਾਂ ਕਰਦਾ ਹੀ ਹੋਵੇ ਤੇ ਦੁਨੀਆਂ ਦੇ ਕੋਨੇ - ਕੋਨੇ ਵਿੱਚ ਬੈਠੇ ਹਰ ਪੰਜਾਬੀ / ਸਿੱਖ ਨੂੰ ਕਰਵਾ ਸਕਦਾ ਹੈ ? ਹਾਂ ਅਜਿਹਾ ਇੱਕ ਕੌਮਾਂਤਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਹੈ , ਜਿਹੜਾ ਹਰ ਸਾਲ ਸਚਿਤਰ , ਰੰਗਦਾਰ , ਵੱਡ ਆਕਾਰੀ , ਬਿਹਤਰੀਨ ਅਤੇ ਆਰਟ ਪੇਪਰ ‘ ਤੇ ਪ੍ਰਕਾਸ਼ਤ ਪੁਸਤਕ ਰਾਹੀਂ ਸੰਸਾਰ ਦੇ ਹਰ ਗੁਰੂ ਘਰ ਦੇ ਦਰਸ਼ਨ ਕਰਵਾ ਦਿੰਦਾ ਹੈ । 80 ਸਾਲ ਤੋਂ ਵੀ ਵੱੱਧ ਉਮਰ ਹੋਣ ਦੇ ਬਾਵਜੂਦ ਉਹ ਇਤਨਾ ਵੱਡਾ ਕਾਰਜ ਕਰ ਰਿਹਾ ਹੈ , ਜਿਹੜਾ ਇੱਕ ਸੰਸਥਾ ਲਈ ਵੀ ਕਰਨਾ ਮੁਸ਼ਕਲ ਹੈ ਪ੍ਰੰਤੂ ਉਹ ਸਾਰਾ ਸਾਲ ਸਿਰਫ਼ ਤੇ ਸਿਰਫ਼ ਗੁਰੂ ਦੀ ਅਕੀਦਤ ਵਿੱਚ ਰਹਿੰਦਾ ਹੋਇਆ ਸੰਸਾਰ ਦੀ ਪਰਕਰਮਾ ਕਰਦਾ ਰਹਿੰਦਾ ਹੈ । ਨਰਪਾਲ ਸਿੰਘ ਸ਼ੇਰਗਿੱਲ ਸਿੱਖ ਧਰਮ ਤੇ ਪੰਜਾਬੀਅਤ ਨੂੰ ਪ੍ਰਣਾਇਆ ਹੋਇਆ ਅੰਤਰਰਾਸ਼ਟਰੀ ਮਾਣਤਾ ਪ੍ਰਾਪਤ ਖੋਜੀ ਪੱਤਰਾਕਾਰ , ਉਦਮੀ ਅਤੇ ਲੇਖਕ ਹੈ । ਪੱਤਰਕਾਰੀ ਦੇ ਖੇਤਰ ਵਿੱਚ ਤਾਂ ਉਹ ਆਪਣਾ ਬੇਸ਼ਕੀਮਤੀ ਯੋਗਦਾਨ ਪਾ ਹੀ ਰਿਹਾ ਹੈ ਪ੍ਰੰਤੂ ਇਸ ਵਿੱਚ ਵੀ ਉਹ ਪੰਜਾਬੀਆਂ ਦੇ ਹਿੱਤਾਂ ‘ ਤੇ ਪਹਿਰਾ ਦੇ ਰਿਹਾ ਹੈ । ਜਿਥੇ ਕਿਤੇ ਸਿੱਖਾਂ / ...