ਕਮਲਜੀਤ ਸਿੰਘ ਬਨਵੈਤ ਦੀ ਪੁਸਤਕ ਤੋਕੜ ਸਮਾਜਿਕ ਸਰੋਕਾਰਾਂ ਦਾ ਦਸਤਾਵੇਜ

ਕਮਲਜੀਤ ਸਿੰਘ ਬਨਵੈਤ ਮੁੱਢਲੇ ਤੌਰ ‘ ਤੇ ਪੱਤਰਕਾਰ ਹੈ । ਪੱਤਰਕਾਰੀ ਵਿੱਚੋਂ ਸੇਵਾ ਮੁਕਤੀ ਤੋਂ ਬਾਅਦ ਉਹ ਕਾਲਮ ਨਵੀਸ ਅਤੇ ਵਾਰਤਕਕਾਰ ਦੇ ਤੌਰ ‘ ਤੇ ਜਾਣਿਆਂ ਜਾਂਦਾ ਹੈ । ਹਰ ਰੋਜ਼ ਉਸਦੇ ਲੇਖ ਅਖ਼ਬਾਰਾਂ ਦਾ ਸ਼ਿੰਗਾਰ ਬਣਦੇ ਹਨ । ਉਸ ਦੀ ਕਮਾਲ ਇਸ ਗੱਲ ਵਿੱਚ ਹੈ ਕਿ ਆਮ ਲੇਖਕਾਂ ਵੱਲੋਂ ਅਣਡਿਠ ਮੁੱਦਿਆਂ ਨੂੰ ਉਹ ਬੜੀ ਬਾਰੀਕੀ ਨਾਲ ਬਹੁਤ ਥੋੜ੍ਹੇ ਸ਼ਬਦਾਂ ਵਿੱਚ ਲਿਖ ਕੇ ਪਾਠਕਾਂ ਦੇ ਦਿਲਾਂ ਵਿੱਚ ਤੁਣਕੇ ਮਾਰਦਾ ਹੈ । ਉਸਦੇ ਲੇਖਾਂ ਦੀ ਰਵਾਨਗੀ ਦਰਿਆ ਦੀਆਂ ਲਹਿਰਾਂ ਦੀ ਤਰ੍ਹਾਂ ਪਾਠਕਾਂ ਦੇ ਮਨਾਂ ਵਿੱਚ ਤਰੰਗਾਂ ਪੈਦਾ ਕਰ ਦਿੰਦੀਆਂ ਹਨ । ਉਸ ਨੇ ਹੁਣ ਤੱਕ ਇੱਕ ਦਰਜਨ ਪੁਸਤਕਾਂ ਪ੍ਰਕਾਸ਼ਤ ਕਰਵਾਈਆਂ ਹਨ । ਚਰਚਾ ਅਧੀਨ ਪੁਸਤਕ ‘ ਤੋਕੜ ’ ਵਿੱਚ ਛੋਟੇ - ਛੋਟੇ 28 ਲੇਖ ਹਨ । ਇਨ੍ਹਾਂ ਲੇਖਾਂ ਦੇ ਵਿਸ਼ੇ ਤੇ ਮੁੱਦੇ ਇਨਸਾਨੀਅਤ ਦੀ ਮਾਨਸਿਕਤਾ ਨਾਲ ਸੰਬੰਧਤ ਹਨ । ਇੱਕ ਸੁਜੱਗ ਕਾਲਮ ਨਵੀਸ ਤੇ ਲੇਖਕ ਹੋਣ ਕਰਕੇ ਉਹ ਵਰਤਮਾਨ ਸਮਾਜ ਦੀ ਮਾਨਸਿਕਤਾ ਨੂੰ ਮਹਿਸੂਸ ਕਰਦਾ ਹੋਇਆ ਲਘੂ ਲੇਖ ਲਿਖਦਾ ਹੈ ਕਿਉਂਕਿ ਪਾਠਕਾਂ ਕੋਲ ਨਾ ਸਮਾਂ ਹੁੰਦਾ ਅਤੇ ਨਾ ਹੀ ਲੰਬੇ ਲੇਖਾਂ ਵਿੱਚ ਦਿਲਚਸਪੀ ਰੱਖਦੇ ਹਨ । ਉਸ ਦੇ ਲੇਖਾਂ ਦੇ ਨਾਮ ਵੀ ਪਾਠਕਾਂ ਨੂੰ ਪ੍ਰਭਾਵਤ ਕਰਦੇ ਹਨ ...