ਕਾਵਿ ਸੰਗ੍ਰਹਿ ‘ਵੜੈਚ ਦੇ ਵਿਅੰਗ’ ਸਮਾਜਿਕ ਕੁਰੀਤੀਆਂ ਦੇ ਮਾਰਦੇ ਡੰਗ

ਅਮਰਜੀਤ ਸਿੰਘ ਵੜੈਚ ਦਾ ਪਲੇਠਾ ਵਿਅੰਗ ਕਾਵਿ ਸੰਗ੍ਰਹਿ ‘ ਵੜੈਚ ਦੇ ਵਿਅੰਗ ’ ਸਮਾਜਿਕ ਤਾਣੇ ਬਾਣੇ ਵਿੱਚ ਬੁਰੀ ਤਰ੍ਹਾਂ ਪੈਰ ਫਸਾਈ ਬੈਠੀਆਂ ਸਮਾਜਿਕ ਕੁਰੀਤੀਆਂ ਦੀ ਲਾਹਣਤ ਉਪਰ ਤਕੜਾ ਵਿਅੰਗ ਕਰਦਾ ਹੋਇਆ , ਇਨ੍ਹਾਂ ਬੁਰਾਈਆਂ ਵਿੱਚ ਗ੍ਰਸੇ ਹੋਏ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰੇਗਾ । ਇਸ ਤੋਂ ਪਹਿਲਾਂ ਅਮਰਜੀਤ ਸਿੰਘ ਵੜੈਚ ਦੀਆਂ ਦੋ ਪ੍ਰੋਫੈਸ਼ਨਲ ਪੁਸਤਕਾਂ ਆਕਾਸ਼ਬਾਣੀ ਸੰਬੰਧੀ ‘ ਏਹ ਆਕਾਸ਼ਬਾਣੀ ਏਂ ’ ਅਤੇ ‘ ਹੁਣ ਤੁਸੀਂ ਖ਼ਬਰਾਂ ਸੁਣੋ ’ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਤ ਕੀਤੀਆਂ ਹਨ । ਸਾਹਿਤਕ ਖੇਤਰ ਵਿੱਚ ਉਨ੍ਹਾਂ ਦਾ ਇਹ ਪਹਿਲਾ ਕਾਵਿ ਸੰਗ੍ਰਹਿ ਹੈ , ਜਿਹੜਾ ਵਿਅੰਗ ਦੇ ਖੇਤਰ ਵਿੱਚ ਹਲਚਲ ਪੈਦਾ ਕਰੇਗਾ ਕਿਉਂਕਿ ਵਿਅੰਗ ਕਰਨ ਲੱਗਿਆਂ ਉਸ ਨੇ ਕਿਸੇ ਦਾ ਲਿਹਾਜ ਨਹੀਂ ਕੀਤਾ । ਅਮਰਜੀਤ ਸਿੰਘ ਵੜੈਚ ਬੇਬਾਕ ਸ਼ਾਇਰ ਹੈ । ਉਹ ਹਮੇਸ਼ਾ ਹੱਕ ਤੇ ਸੱਚ ਦੇ ਸਿਧਾਂਤ ‘ ਤੇ ਪਹਿਰਾ ਦਿੰਦਾ ਹੈ । ਉਸ ਦੀਆਂ ਕਵਿਤਾਵਾਂ ਦੀ ਵਿਲੱਖਣਾ ਇਹੋ ਹੈ ਕਿ ਉਹ ਸੱਚਾਈ ਦਾ ਪੱਖ ਪੂਰਦਾ ਹੋਇਆ ਲਿਖਦਾ ਹੈ , ਭਾਵੇਂ ਉਸ ਦੀ ਕਵਿਤਾ ਕਿਸੇ ਦੇ ਗੋਡੇ ਜਾਂ ਗਿੱਟੇ ਲੱਗੇ । ਡਰ ਅਤੇ ਭੈਅ ਉਸ ਦੇ ਨੇੜੇ ਤੇੜੇ ਨਹੀਂ , ਇਸ ਕਰਕੇ ਉਸ ਨੇ ਸਮਾਜ ਦੀ ਹਰ ਵਿਸੰਗਤੀ ਬਾਰੇ ਦਲੇਰੀ ਨਾਲ ਲਿਖਿਆ ...