ਪਾਕਿਸਤਾਨ ਵਿੱਚ ਪੰਜਾਬੀ ਬੋਲੀ ਦੇ ਅਲੰਬਰਦਾਰ : ਉਸਤਾਦ ਦਾਮਨ
ਅਸੀਂ ਦੇਸ਼ ਦੀ ਆਜ਼ਾਦੀ ਦੇ ਜਸ਼ਨ 15 ਅਗਸਤ ਨੂੰ ਮਨਾ ਕੇ ਹਟੇ ਹਾਂ । ਇਸ ਅਜ਼ਾਦੀ ਨੂੰ ਇਨਸਾਨੀਅਤ ਦੀ ਬਰਬਾਦੀ ਵੀ ਕਿਹਾ ਜਾ ਸਕਦਾ ਹੈ ਕਿਉਂਕਿ ਅਣਗਿਣਤ ਬੇਕਸੂਰ ਇਨਸਾਨਾਂ ਦੇ ਕਤਲਾਂ ਨੇ ਆਜ਼ਾਦੀ ਨੂੰ ਦਾਗ਼ਦਾਰ ਕਰ ਦਿੱਤਾ ਸੀ । ਨਹੁੰ ਮਾਸ ਦੇ ਰਿਸ਼ਤੇ ਖੇਰੂੰ ਖੇਰੂੰ ਹੋ ਗਏ ਸਨ । ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਪੰਜਾਬੀ ਦੇ ਸਾਹਿਤਕਾਰਾਂ ਨੇ ਖ਼ੂਨੀ ਬਿ੍ਰਤਾਂਤ ਲਿਖਿਆ ਸੀ । ਪ੍ਰੰਤੂ ਸਾਂਝੇ ਪੰਜਾਬ ਤੇ ਦੇਸ਼ ਦੀ ਵੰਡ ਹੋਣ ਤੋਂ ਬਾਅਦ ਪਾਕਿਸਤਾਨ ਜਾ ਕੇ ਵਸੇ ਲੋਕ ਕਵੀ ਉਸਤਾਦ ਦਾਮਨ ਨੇ ਮਨੁੱਖਤਾ ਦੇ ਕਤਲਾਂ ਨੂੰ ਇਨਸਾਨੀਅਤ ਦਾ ਘਾਣ ਦੱਸਦਿਆਂ ਲਿਖਿਆ ਸੀ । ਉਤਾਦ ਦਾਮਨ ਜਿਨ੍ਹਾਂ ਦਾ ਨਾਮ ਚਿਰਾਗ ਦੀਨ ਸੀ , ਉਨ੍ਹਾਂ ਆਪਣੇ ਨਾਮ ਨੂੰ ਪੰਜਾਬੀ ਦਾ ਅਲੰਬਰਦਾਰ ਬਣਨ ਦਾ ਮਾਣ ਦਿੱਤਾ । ਚਿਰਾਗ ਰੌਸ਼ਨੀ ਦੇਣ ਵਾਲੇ ਦੀਵੇ ਦਾ ਪਵਿਤਰ ਨਾਮ ਗਿਣਿਆਂ ਜਾਂਦਾ ਹੈ । ਉਸਤਾਦ ਦਾਮਨ ਨੇ ਆਪਣੇ ਨਾਮ ਦੀ ਪਵਿਤਰਤਾ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਵੰਡ ਸਮੇਂ ਹੋਏ ਇਨਸਾਨੀਅਤ ਦੇ ਕਤਲਾਂ ਬਾਰੇ ਬਾਖ਼ੂਬੀ ਲਿਖਿਆ ਹੈ । ਉਹ ਵਿਲੱਖਣ ਸ਼ਖਸੀਅਤ ਦੇ ਮਾਲਕ ਸਨ । ਪੰਜਾਬੀ ਬੋਲੀ ਦੇ ਨਾਲ ਉਸ ਨੂੰ ਅਥਾਹ ਪਿਆਰ ਅਤੇ ਸਤਿਕਾਰ ਸੀ । ਭਾਰਤ ਦੀ ਵੰਡ ਹੋਣ ਸਮੇਂ ਪੰਜਾਬ ਵੀ ਦੋ ਭਾਗਾਂ ਚੜ੍ਹ...