ਦਲੀਪ ਸਿੰਘ ਉਪਲ ਦੀ ਪੁਸਤਕ ਦੋ ਤੇਰੀਆਂ ਦੋ ਮੇਰੀਆਂ ਸਮਾਜਿਕ ਸਰੋਕਾਰਾਂ ਦੀ ਪ੍ਰਤੀਕ
ਦਲੀਪ ਸਿੰਘ ਉਪਲ ਦੀ ਕਹਾਣੀਆਂ ਦੀ ਪੁਸਤਕ ‘ ਦੋ ਤੇਰੀਆਂ ਦੋ ਮੇਰੀਆਂ ’ ਕਹਾਣੀਕਾਰ ਦੀ ਵਿਚਾਰਧਾਰਾ ਦੀ ਪ੍ਰਤੀਕ ਹੈ । ਦਲੀਪ ਸਿੰਘ ਉਪਲ ਮੁੱਢਲੇ ਤੌਰ ਤੇ ਵਾਰਤਾਕਾਰ ਹੈ । ਉਸਦੀ ਵਾਰਤਕ ਦੀ ਸ਼ੈਲੀ ਰੌਚਿਕ ਹੁੰਦੀ ਹੈ । ਮਾਝੇ ਦਾ ਜੰਮਪਲ ਅਤੇ ਮਾਲਵਾ ਕਰਮਭੂਮੀ ਹੋਣ ਕਰਕੇ ਉਸਦੀ ਸ਼ਬਦਾਵਲੀ ਵਿਚੋਂ ਮਾਝਾ ਅਤੇ ਮਾਲਵੇ ਦੀ ਬੋਲੀ ਦੇ ਦੋਵੇਂ ਰੰਗ ਮਿਲਦੇ ਹਨ । ਇਸ ਕਰਕੇ ਕਹਾਣੀਕਾਰ ਦੀ ਗਲਬਾਤੀ ਪ੍ਰੰਤੂ ਕਾਵਿਮਈ ਸ਼ੈਲੀ ਤੇ ਮਲਵਈ ਪ੍ਰਭਾਵ ਸਾਫ ਵਿਖਾਈ ਦਿੰਦਾ ਹੈ । ਲੇਖਕ ਦੀਆਂ ਹੁਣ ਤੱਕ 7 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ । ਸ਼ਬਦਾਵਲੀ ਦੇ ਦੋਹਰੇ ਰੰਗ ਕਰਕੇ ਉਸਦੀਆਂ ਕਹਾਣੀਆਂ ਪਾਠਕਾਂ ਨੂੰ ਪ੍ਰੇਰਿਤ ਕਰਦੀਆਂ ਹਨ । ਜ਼ਿੰਦਗੀ ਦਾ ਗੂੜ੍ਹ ਗਿਆਨ ਅਤੇ ਤਜਰਬਾ ਹੋਣ ਕਰਕੇ ਉਸਦੀ ਜਾਣਕਾਰੀ ਵਿਸ਼ਾਲ ਹੈ , ਜਿਸ ਕਰਕੇ ਉਸਦੀਆਂ ਕਹਾਣੀਆਂ ਸਮਾਜਿਕ ਤਾਣੇ ਬਾਣੇ ਨੂੰ ਸੁਚੰਜੇ ਢੰਗ ਨਾਲ ਦਰਸਾ ਦਿੰਦੀਆਂ ਹਨ । ਇਸ ਪੁਸਤਕ ਵਿਚ ਉਸਦੀਆਂ 5 ਮੌਲਿਕ ਅਤੇ 13 ਅਨੁਵਾਦਤ ਕਹਾਣੀਆਂ ਹਨ । ਪੁਸਤਕ ਦਾ ਨਾਮ ਹੀ ਇਸ ਕਰਕੇ ਦੋ ਤੇਰੀਆਂ ਅਤੇ ਦੋ ਮੇਰੀਆਂ ਰੱਖਿਆ ਗਿਆ ਹੈ ਕਿਉਂਕਿ ਉਸਦੀਆਂ ਆਪਣੀਆਂ ਅਤੇ ਹੋਰ ਕਹਾਣੀਕਾਰਾਂ ਦੀਆਂ ਕਹਾਣੀਆਂ ਹਨ । ਕਹਾਣੀਕਾਰ ਨੇ ਅਨੁਵਾਦ ਕਰਨ ਲਈ ਚੁਣੀਆਂ ਕਹਾਣੀਆਂ...