ਜਦੋਂ ਮੇਰੀ ਤਿੰਨ ਵਾਰੀ ਮੁਫਤੋ ਮੁਫਤੀ ਲਾਟਰੀ ਨਿਕਲੀ
ਮੇਰਾ ਪਿੰਡ ਕੱਦੋਂ ਲੁਧਿਆਣਾ ਜਿਲ੍ਹੇ ਵਿਚ ਜਰਨੈਲੀ ਸੜਕ ਤੋਂ ਪਾਇਲ ਨੂੰ ਜਾਣ ਵਾਲੀ ਸੰਪਰਕ ਸੜਕ ਤੇ ਦੋਰਾਹਾ ਅਤੇ ਪਾਇਲ ਦੇ ਵਿਚਕਾਰ ਹੈ । ਮੈਂ ਦਸਵੀਂ ਜਮਾਤ ਵਿਚ ਸਰਕਾਰੀ ਹਾਈ ਸਕੂਲ ਦੋਰਾਹਾ ਵਿਚ ਪੜ੍ਹਦਾ ਸੀ । ਉਦੋਂ ਸਾਡੇ ਪਿੰਡ ਤੋਂ ਸਕੂਲ ਜਾਣ ਲਈ ਢਾਈ ਕਿਲੋਮੀਟਰ ਰੇਤ ਦੇ ਟਿਬਿਆਂ ਵਾਲੇ ਰਸਤੇ ਵਿਚ ਪੈਦਲ ਜਾਣਾ ਪੈਂਦਾ ਸੀ । ਜੁਤੀ ਪਾਉਣੀ ਜਾਂ ਨਾ ਪਾਉਣੀ ਇਕ ਬਰਾਬਰ ਹੁੰਦੀ ਸੀ । ਰੇਤਾ ਇਤਨਾ ਹੁੰਦਾ ਸੀ ਕਿ ਗਰਮੀਆਂ / ਸਰਦੀਆਂ ਦੇ ਦਿਨਾ ਵਿਚ ਜੁੱਤੀਆਂ ਵਿਚ ਤੱਤਾ / ਠੰਡਾ ਰੇਤਾ ਪੈ ਜਾਂਦਾ ਸੀ । ਕਈ ਵਾਰ ਜੁਤੀ ਚੁੱਕ ਕੇ ਭੱਜਕੇ ਜਾਣਾ ਪੈਂਦਾ ਸੀ ਤਾਂ ਜੋ ਪੈਰ ਨਾ ਸੜਨ / ਠਰਨ । ਸਕੂਲ ਵਿਚ ਮੁੱਖ ਅਧਿਆਪਕ ਹਰਬੰਸ ਸਿੰਘ ਬੜੇ ਹੀ ਅਨੁਸਾਸ਼ਨ ਪਸੰਦ ਸਨ । ਉਹ ਡੰਡਾ ਹਰ ਵਕਤ ਆਪਣੇ ਕੋਲ ਰੱਖਦੇ ਸਨ । ਪੜ੍ਹਾਈ ਨਾ ਕਰਨ ਵਾਲਿਆਂ ਨੂੰ ਡੰਡਿਆਂ ਨਾਲ ਕੁੱਟਦੇ ਸਨ । ਬਾਕੀ ਅਧਿਆਪਕ ਪਿਆਰ ਨਾਲ ਪੜ੍ਹਾਉਂਦੇ ਅਤੇ ਸਮਝਾਉਂਦੇ ਸਨ । ਮੈਂ ਨੌਵੀਂ ਦੇ ਸਾਲਾਨਾ ਪੇਪਰਾਂ ਵਿਚ ਅੰਗਰੇਜ਼ੀ ਦਾ ਪੇਪਰ ਦੇ ਰਿਹਾ ਸੀ , ਜਦੋਂ ਜਵਾਹਰ ਲਾਲ ਨਹਿਰੂ ਦਾ ਲੇਖ ਲਿਖਣ ਲੱਗਾ ਤਾਂ ਦਿਮਾਗ ਵਿਚ ਕੁੰਡੀ ਫਸ ਗਈ ਕਿ ਜਵਾਹਰ ਵਿਚ ਤਿੰਨ ‘ ਏ ’ ਨਹੀਂ ਹੋ ਸਕਦੀਆਂ...